ਖੰਟ ਦਾ ਤੇਜਿੰਦਰ ਕਿਵੇਂ ਬਣਿਆ ਬੱਬੂ ਮਾਨ? ਦੇਖੋ ਤਸਵੀਰਾਂ

Uncategorized

ਪੰਜਾਬ ਵਿੱਚ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿੱਚ ਕਈ ਮਾਨ ਸਰਗਰਮ ਹਨ। ਜਿਵੇਂ ਕਿ ਗੁਰਦਾਸ ਮਾਨ, ਹਰਭਜਨ ਮਾਨ, ਗੁਰਸੇਵਕ ਮਾਨ, ਬੱਬੂ ਮਾਨ ਅਤੇ ਅੰਮ੍ਰਿਤ ਮਾਨ। ਬਾਬੂ ਸਿੰਘ ਮਾਨ ਨੇ ਗੀਤਕਾਰੀ ਵਿੱਚ ਵੱਖਰਾ ਮੁਕਾਮ ਹਾਸਲ ਕੀਤਾ ਹੈ, ਜਦਕਿ ਭਗਵੰਤ ਸਿੰਘ ਮਾਨ ਰਾਜਨੀਤੀ ਨਾਲ ਜੁੜ ਚੁੱਕੇ ਹਨ ਅਤੇ ਅੱਜ ਕੱਲ੍ਹ ਉਹ ਮੁੱਖ ਮੰਤਰੀ ਦੇ ਸਨਮਾਨਯੋਗ ਅਹੁਦੇ ਤੇ ਬਿਰਾਜਮਾਨ ਹਨ।

ਅੱਜ ਅਸੀਂ ਗੱਲ ਕਰ ਰਹੇ ਹਾਂ, ਤੇਜਿੰਦਰ ਸਿੰਘ ਮਾਨ ਉਰਫ ਬੱਬੂ ਮਾਨ ਦੀ। ਇਨ੍ਹਾਂ ਦਾ ਛੋਟਾ ਨਾਮ ‘ਬੱਬੂ’ ਹੋਣ ਕਾਰਨ ਉਹ ‘ਬੱਬੂ ਮਾਨ’ ਦੇ ਨਾਮ ਨਾਲ ਮਸ਼ਹੂਰ ਹੋ ਗਏ। ਬੱਬੂ ਮਾਨ ਨੂੰ ਖੰਟ ਵਾਲਾ ਮਾਨ ਵੀ ਕਿਹਾ ਜਾਂਦਾ ਹੈ। ਜਿਨ੍ਹਾਂ ਨੂੰ ਅਸੀਂ ਇੱਕ ਪੰਜਾਬੀ ਗਾਇਕ, ਗੀਤਕਾਰ, ਸੰਗੀਤਕਾਰ, ਅਦਾਕਾਰ, ਫਿਲਮਕਾਰ, ਨਿਰਦੇਸ਼ਕ ਅਤੇ ਸਮਾਜ ਸੇਵੀ ਵਜੋਂ ਜਾਣਦੇ ਹਾਂ।

ਬੱਬੂ ਮਾਨ ਦਾ ਜਨਮ 29 ਮਾਰਚ 1975 ਨੂੰ ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਦੀ ਤਹਿਸੀਲ ਖਮਾਣੋਂ ਦੇ ਪਿੰਡ ਖੰਟ ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਮ ਬਾਬੂ ਸਿੰਘ ਮਾਨ ਅਤੇ ਮਾਤਾ ਦਾ ਨਾਮ ਕੁਲਵੀਰ ਕੌਰ ਸੀ। ਜੋ ਕਿ ਦੋਵੇਂ ਹੀ ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕੇ ਹਨ। ਬੱਬੂ ਮਾਨ ਦੀਆਂ 2 ਭੈਣਾਂ ਹਨ। ਬੱਬੂ ਮਾਨ ਦਾ ਵਿਆਹ ਹਰਮਨਦੀਪ ਕੌਰ ਨਾਲ ਹੋਇਆ।

ਬੱਬੂ ਮਾਨ ਨੇ ਆਪਣੀ ਸਕੂਲ ਦੀ ਪੜ੍ਹਾਈ ਪਿੰਡ ਮਾਨਪੁਰ ਦੇ ਪ੍ਰਾਈਵੇਟ ਸਕੂਲ ਤੋਂ ਕੀਤੀ। ਫੇਰ ਸਰਕਾਰੀ ਕਾਲਜ ਰੋਪੜ ਵਿੱਚ ਦਾਖਲਾ ਲੈ ਲਿਆ। ਉਨ੍ਹਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਉਰਦੂ ਦੀ ਐੱਮ ਏ ਕੀਤੀ ਅਤੇ ਮਿਊਜ਼ਿਕ ਦੀ ਪੜ੍ਹਾਈ ਕੀਤੀ। ਬੱਬੂ ਮਾਨ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਸਿਰਫ 7 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੇ ਪਹਿਲੀ ਵਾਰ ਸਕੂਲ ਵਿੱਚ ਕਿਸੇ ਫੰਕਸ਼ਨ ਸਮੇਂ ਸਟੇਜ ਤੇ ਗਾਣਾ ਗਾਇਆ।

ਜਿਸ ਨੂੰ ਪਸੰਦ ਕੀਤਾ ਗਿਆ। ਪੜ੍ਹਦੇ ਸਮੇਂ ਹੀ ਉਹ ਗਾਣੇ ਲਿਖਣ ਅਤੇ ਸਟੇਜ ਤੇ ਗਾਉਣ ਲੱਗ ਪਏ। 1998 ਵਿੱਚ ਉਨ੍ਹਾਂ ਦੀ ਪਹਿਲੀ ਐਲਬਮ ‘ਸੱਜਣ ਰੁਮਾਲ ਦੇ ਗਿਆ’ ਆਈ। ਇਸ ਐਲਬਮ ਨੂੰ ਕੋਈ ਖਾਸ ਕਾਮਯਾਬੀ ਨਹੀਂ ਮਿਲੀ। ਅਗਲੇ ਸਾਲ 1999 ਵਿੱਚ ਆਈ ਐਲਬਮ ‘ਤੂੰ ਮੇਰੀ ਮਿਸ ਇੰਡੀਆ’ ਕਾਮਯਾਬ ਰਹੀ।

2001 ਵਿੱਚ ‘ਸਾਉਣ ਦੀ ਝੜੀ’ ਅਤੇ 2004 ਵਿੱਚ ‘ਓਹੀ ਚੰਨ ਓਹੀ ਰਾਤਾਂ’ ਨੇ ਅਜਿਹੇ ਸਫਲਤਾ ਦੇ ਝੰਡੇ ਗੱਡੇ ਕਿ ਬੱਬੂ ਮਾਨ ਸਟਾਰ ਬਣ ਗਿਆ। 2005 ਵਿੱਚ ਪਿਆਸ-ਮੰਜ਼ਿਲ ਦੀ ਤਲਾਸ਼ ਆਈ ਅਤੇ 2007 ਵਿੱਚ ਹਿੰਦੀ ਐਲਬਮ ‘ਮੇਰਾ ਗਮ’ ਆਈ। ਇਹ ਐਲਬਮਜ਼ ਵੀ ਸਫਲ ਰਹੀਆਂ।

ਇਸ ਤਰਾਂ ਹੀ 2009 ਵਿੱਚ ਸਿੰਘ ਬੈਟਰ ਦੈੱਨ ਕਿੰਗ, 2013 ਵਿੱਚ ਤਲਾਸ਼-ਰੂਹ ਦੀ ਖੋਜ, 2015 ਵਿੱਚ ਇਤਿਹਾਸ ਅਤੇ 2018 ਵਿੱਚ ‘ਇੱਕ ਸੀ ਪਾਗਲ’ ਐਲਬਮਜ਼ ਨੇ ਧੁੰਮਾਂ ਪਾ ਦਿੱਤੀਆਂ। ਇਸ ਤੋਂ ਬਿਨਾਂ ਉਨ੍ਹਾਂ ਦੇ ਸਿੰਗਲ ਟਰੈਕ ਵੀ ਆਏ। ‘ਉੱਚੀਆਂ ਇਮਾਰਤਾਂ’ ਨੂੰ ਬਹੁਤ ਪਸੰਦ ਕੀਤਾ ਗਿਆ। 2003 ਵਿੱਚ ਬੱਬੂ ਮਾਨ ਨੇ ‘ਹਵਾਏਂ’ ਫਿਲਮ ਬਣਾਈ।

ਜੋ 1984 ਵਾਲੀ ਦਿੱਲੀ ਘਟਨਾ ਤੇ ਅਧਾਰਿਤ ਹੋਣ ਕਾਰਨ ਇਸ ਤੇ ਭਾਰਤ ਵਿੱਚ ਪਾਬੰਦੀ ਲੱਗ ਗਈ ਪਰ ਵਿਦੇਸ਼ਾਂ ਵਿੱਚ ਰਿਲੀਜ਼ ਹੋ ਗਈ। ਇਸ ਫਿਲਮ ਵਿੱਚ ਬੱਬੂ ਮਾਨ ਨੇ ਸਹਾਇਕ ਭੂਮਿਕਾ ਨਿਭਾਈ। 2006 ਵਿੱਚ ਬੱਬੂ ਮਾਨ ਨੇ ਪਹਿਲੀ ਪੰਜਾਬੀ ਫਿਲਮ ‘ਰੱਬ ਨੇ ਬਣਾਈਆਂ ਜੋੜੀਆਂ’ ਬਣਾਈ। ਜਿਸ ਵਿੱਚ ਉਹ ਨਾਇਕ ਦੇ ਰੂਪ ਵਿੱਚ ਸਨ।

2008 ਵਿੱਚ ਬੱਬੂ ਮਾਨ ਦੀ ਫਿਲਮ ‘ਹਸ਼ਰ’ (ਇੱਕ ਪ੍ਰੇਮ ਕਥਾ) ਨੇ ਬਾਕਸ ਆਫਿਸ ਤੇ ਤਹਿਲਕਾ ਮਚਾ ਦਿੱਤਾ। ਇਸ ਤੋਂ ਬਾਅਦ ਏਕਮ, ਹੀਰੋ ਹਿਟਲਰ ਅਤੇ ਦੇਸੀ ਰੋਮੀਓਜ਼ ਨੂੰ ਵੀ ਬਹੁਤ ਪਸੰਦ ਕੀਤਾ ਗਿਆ। ਇਨ੍ਹਾਂ ਫਿਲਮਾਂ ਵਿੱਚ ਹੀਰੋ ਦੇ ਰੂਪ ਵਿੱਚ ਬੱਬੂ ਮਾਨ ਖੁਦ ਨਜ਼ਰ ਆਏ। ਇੰਨਾ ਹੀ ਨਹੀਂ ਲੇਖਕ ਅਤੇ ਨਿਰਮਾਤਾ ਵੀ ਉਹ ਆਪ ਹੀ ਸਨ।

ਇਸ ਤੋਂ ਬਿਨਾਂ ਬੱਬੂ ਮਾਨ ਨੇ ਵਾਹਗਾ, ਵਾਅਦਾ ਰਹਾ, ਕਰੁੱਕ, ਸਾਹਿਬ ਬੀਵੀ ਔਰ ਗੈੰਗਸਟਰ ਅਤੇ ਦਿਲ ਤੈਨੂੰ ਕਰਦਾ ਹੈ ਪਿਆਰ ਆਦਿ ਫਿਲਮਾਂ ਵਿੱਚ ਆਪਣੇ ਗਾਣੇ ਦਿੱਤੇ ਅਤੇ ਗਾਏ ਵੀ।

ਬੱਬੂ ਮਾਨ ਦੀ ਰਿਹਾਇਸ਼ ਮੋਹਾਲੀ ਵਿੱਚ ਹੈ। ਉਹ ਆਪਣੇ ਪਿੰਡ ਵੀ ਆਉਂਦੇ ਰਹਿੰਦੇ ਹਨ। ਇੱਥੇ ਉਨ੍ਹਾਂ ਦਾ ਖੇਤੀਬਾੜੀ ਦਾ ਕਾਰੋਬਾਰ ਹੈ। ਉਨ੍ਹਾਂ ਕੋਲ 30 ਲੱਖ ਦੀ ਪਜੈਰੋ ਅਤੇ 70 ਲੱਖ ਦੀ ਔਡੀ ਦੱਸੀ ਜਾਂਦੀ ਹੈ। ਉਨ੍ਹਾਂ ਨੂੰ ਸਮਾਜ ਸੇਵਾ ਦਾ ਵੀ ਸ਼ੌਕ ਹੈ।

Leave a Reply

Your email address will not be published. Required fields are marked *